ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦
ੴ ਸਤਿਗੁਰਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਰਾਮਕਲੀ ਪਾਤਸਾਹੀ ੧੦ ॥
ਰੇ ਮਨ ਐਸੋ ਕਰ ਸੰਨਿਆਸਾ ॥
ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ॥
ਜਤ ਕੀ ਜਟਾ ਜੋਗ ਕੋ ਮੰਜਨੁ ਨੇਮ ਕੇ ਨਖਨ ਬਢਾਓ ॥
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥੨॥
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥
ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥
ਰਾਮਕਲੀ ਪਾਤਿਸਾਹੀ ੧੦ ॥
ਰੇ ਮਨ ਇਹ ਬਿਧਿ ਜੋਗੁ ਕਮਾਓ ॥
ਸਿੰਙੀ ਸਾਚੁ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ ਰਹਾਉ ॥
ਤਾਤੀ ਗਹੁ ਆਤਮ ਬਸਿ ਕਰ ਕੀ ਭੱਿਛਾ ਨਾਮ ਅਧਾਰੰ ॥
ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥
ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ॥
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥
ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ॥
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ ॥੩॥੨॥
ਰਾਮਕਲੀ ਪਾਤਿਸਾਹੀ ੧੦ ॥
ਪ੍ਰਾਨੀ ਪਰਮ ਪੁਰਖ ਪਗਿ ਲਾਗੋ ॥
ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ॥
ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਨ ਲਾਗੋ ॥
ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੁ ਬਿਖੈ ਰਸ ਤ੍ਯਾਗੋ ॥੧॥
ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ ॥
ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੋ ॥੨॥
ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ॥
ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸਿ ਪਾਗੋ ॥੩॥੩॥
ਰਾਗੁ ਸੋਰਠਿ ਪਾਤਿਸਾਹੀ ੧੦ ॥
ਪ੍ਰਭ ਜੂ ਤੋ ਕਹ ਲਾਜ ਹਮਾਰੀ ॥
ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥ ਰਹਾਉ ॥
ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ॥
ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥
ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ॥
ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥
ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥
ਹੌ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥
ਰਾਗੁ ਕਲਿਆਣ ਪਾਤਿਸਾਹੀ ੧੦ ॥
ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ ॥੧॥ ਰਹਾਉ ॥
ਕਹਾ ਭਯੋ ਜੋ ਆਨ ਜਗਤ ਮੈ ਦਸਕ ਅਸੁਰ ਹਰਿ ਘਾਏ ॥
ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥
ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮ ਜਾਤਿ ਗਿਨਾਯੋ ॥
ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥
ਕੈਸੇ ਤੋਹਿ ਤਾਰਿਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ ॥
ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ ॥੩॥੧॥੫॥
ਖਿਆਲ ਪਾਤਿਸਾਹੀ ੧੦ ॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥
ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ ॥
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਣਾ ॥੧॥੧॥੬॥
ਤਿਲੰਗ ਕਾਫੀ ਪਾਤਿਸਾਹੀ ੧੦ ॥
ਕੇਵਲ ਕਾਲਈ ਕਰਤਾਰ ॥
ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ ॥੧॥ ਰਹਾਉ ॥
ਨਿੰਦ ਉਸਤਤ ਜਉਨ ਕੇ ਸਮ ਸਤ੍ਰ ਮਿਤ੍ਰ ਨ ਕੋਇ ॥
ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
ਕਉਨ ਕਾਜ ਕਹਾਹਿਂਗੇ ਤੇ ਆਨ ਦੇਵਿਕ ਨੰਦ ॥੨॥
ਦੇਵ ਦੈਤ ਦਿਸ ਵਿਸਾ ਜਿਹ ਕੀਨ ਸਰਬ ਪਸਾਰ ॥
ਕਉਨ ਉਪਮਾ ਤੌਨ ਕੌ ਮੁਖ ਲੇਤ ਨਾਮੁ ਮੁਰਾਰ ॥੩॥੧॥੭॥
ਰਾਗ ਬਿਲਾਵਲ ਪਾਤਿਸਾਹੀ ੧੦ ॥
ਸੋ ਕਿਮ ਮਾਨਸ ਰੂਪ ਕਹਾਏ ॥
ਸਿਧ ਸਮਾਧਿ ਸਾਧ ਕਰ ਹਾਰੇ ਕ੍ਯੋਹੂੰ ਨ ਦੇਖਨ ਪਾਏ ॥੧॥ ਰਹਾਉ ॥
ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤ ਧਿਆਨ ਲਗਾਏ ॥
ਬੇਦ ਪੁਰਾਨ ਹਾਰਿ ਹਠ ਛਾਡਿਓ ਤਦਪਿ ਧਿਆਨ ਨ ਆਏ ॥੧॥
ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ ॥
ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥
ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ॥
ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥
ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥
ਇਕ ਬਿਨ ਦੂਸਰ ਸੋ ਨ ਚਿਨਾਰ ॥
ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥
ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥
ਪ੍ਰਾਨ ਥਕਿਓ ਪਾਹਨ ਕਹ ਪਰਸਤ ਕਛੁ ਕਰਿ ਸਿਧ ਨ ਆਈ ॥੧॥
ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈਹੈ ॥
ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੈਹੈ ॥੨॥
ਜੌ ਜੀਯ ਹੋਤ ਤੌ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ॥
ਕੇਵਲ ਏਕ ਸਰਣ ਸੁਆਮੀ ਬਿਨੁ ਯੌ ਨਹਿ ਕਤਹਿ ਉਧਾਰ ॥੩॥੧॥੯॥
ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥
ਬਿਨੁ ਹਰਿ ਨਾਮ ਨ ਬਾਚਨ ਪੈਹੈ ॥
ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈਹੈ ॥੧॥ ਰਹਾਉ ॥
ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ ॥
ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥
ਬੇਦ ਪੁਰਾਨ ਕੁਰਾਨ ਸਬੈ ਮਤ ਜਾਕਹ ਨੇਤ ਕਹੈ ਹੈ ॥
ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ ॥੨॥
ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ ॥
ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈਹੈ ॥੩॥੧॥੧੦॥
