Type Here to Get Search Results !

kirtan

ਸਲੋਕ ਸੇਖ ਫਰੀਦ ਕੇ


                    ਸਲੋਕ  ਸੇਖ  ਫਰੀਦ  ਕੇ 


 ੴ  ਸਤਿਗੁਰ  ਪ੍ਰਸਾਦਿ  ॥

 ਜਿਤੁ  ਦਿਹਾੜੈ  ਧਨ  ਵਰੀ  ਸਾਹੇ  ਲਏ  ਲਿਖਾਇ  ॥

 ਮਲਕੁ  ਜਿ  ਕੰਨੀ  ਸੁਣੀਦਾ  ਮੁਹੁ  ਦੇਖਾਲੇ  ਆਇ  ॥

 ਜਿੰਦੁ  ਨਿਮਾਣੀ  ਕਢੀਐ  ਹਡਾ  ਕੂ  ਕੜਕਾਇ  ॥

 ਸਾਹੇ  ਲਿਖੇ  ਨ  ਚਲਨੀ  ਜਿੰਦੂ  ਕੂੰ  ਸਮਝਾਇ  ॥

 ਜਿੰਦੁ  ਵਹੁਟੀ  ਮਰਣੁ  ਵਰੁ  ਲੈ  ਜਾਸੀ  ਪਰਣਾਇ  ॥

 ਆਪਣ  ਹਥੀ  ਜੋਲਿ  ਕੈ  ਕੈ  ਗਲਿ  ਲਗੈ  ਧਾਇ  ॥

 ਵਾਲਹੁ  ਨਿਕੀ  ਪੁਰਸਲਾਤ  ਕੰਨੀ  ਨ  ਸੁਣੀ  ਆਇ  ॥

 ਫਰੀਦਾ  ਕਿੜੀ  ਪਵੰਦੀਈ  ਖੜਾ  ਨ  ਆਪੁ  ਮੁਹਾਇ  ॥੧॥

 ਫਰੀਦਾ  ਦਰ  ਦਰਵੇਸੀ  ਗਾਖੜੀ  ਚਲਾਂ  ਦੁਨੀਆਂ  ਭਤਿ  ॥

 ਬੰਨਿ੍ਹ  ਉਠਾਈ  ਪੋਟਲੀ  ਕਿਥੈ  ਵੰਞਾ  ਘਤਿ  ॥੨॥

 ਕਿਝੁ  ਨ  ਬੁਝੈ  ਕਿਝੁ  ਨ  ਸੁਝੈ  ਦੁਨੀਆ  ਗੁਝੀ  ਭਾਹਿ  ॥

 ਸਾਂਈਂ  ਮੇਰੈ  ਚੰਗਾ  ਕੀਤਾ  ਨਾਹੀ  ਤ  ਹੰ  ਭੀ  ਦਝਾਂ  ਆਹਿ  ॥੩॥

 ਫਰੀਦਾ  ਜੇ  ਜਾਣਾ  ਤਿਲ  ਥੋੜੜੇ  ਸੰਮਲਿ  ਬੁਕੁ  ਭਰੀ  ॥

 ਜੇ  ਜਾਣਾ  ਸਹੁ  ਨੰਢੜਾ  ਤਾਂ  ਥੋੜਾ  ਮਾਣੁ  ਕਰੀ  ॥੪॥

 ਜੇ  ਜਾਣਾ  ਲੜੁ  ਛਿਜਣਾ  ਪੀਡੀ  ਪਾਈਂ  ਗੰਢਿ  ॥

 ਤੈ  ਜੇਵਡੁ  ਮੈ  ਨਾਹਿ  ਕੋ  ਸਭੁ  ਜਗੁ  ਡਿਠਾ  ਹੰਢਿ  ॥੫॥

 ਫਰੀਦਾ  ਜੇ  ਤੂ  ਅਕਲਿ  ਲਤੀਫੁ  ਕਾਲੇ  ਲਿਖੁ  ਨ  ਲੇਖ  ॥

 ਆਪਨੜੇ  ਗਿਰੀਵਾਨ  ਮਹਿ  ਸਿਰੁ  ਨੀਂਵਾਂ  ਕਰਿ  ਦੇਖੁ  ॥੬॥

 ਫਰੀਦਾ  ਜੋ  ਤੈ  ਮਾਰਨਿ  ਮੁਕੀਆਂ  ਤਿਨ੍ਹਾ  ਨ  ਮਾਰੇ  ਘੁੰਮਿ  ॥

 ਆਪਨੜੈ  ਘਰਿ  ਜਾਈਐ  ਪੈਰ  ਤਿਨ੍ਹਾ  ਦੇ  ਚੁੰਮਿ  ॥੭॥

 ਫਰੀਦਾ  ਜਾਂ  ਤਉ  ਖਟਣ  ਵੇਲ  ਤਾਂ  ਤੂ  ਰਤਾ  ਦੁਨੀ  ਸਿਉ  ॥

 ਮਰਗ  ਸਵਾਈ  ਨੀਹਿ  ਜਾਂ  ਭਰਿਆ  ਤਾਂ  ਲਦਿਆ  ॥੮॥

 ਦੇਖੁ  ਫਰੀਦਾ  ਜੁ  ਥੀਆ  ਦਾੜੀ  ਹੋਈ  ਭੂਰ  ॥

 ਅਗਹੁ  ਨੇੜਾ  ਆਇਆ  ਪਿਛਾ  ਰਹਿਆ  ਦੂਰਿ  ॥੯॥

 ਦੇਖੁ  ਫਰੀਦਾ  ਜਿ  ਥੀਆ  ਸਕਰ  ਹੋਈ  ਵਿਸੁ  ॥

 ਸਾਂਈ  ਬਾਝਹੁ  ਆਪਣੇ  ਵੇਦਣ  ਕਹੀਐ  ਕਿਸੁ  ॥੧੦॥

 ਫਰੀਦਾ  ਅਖੀ  ਦੇਖਿ  ਪਤੀਣੀਆਂ  ਸੁਣਿ  ਸੁਣਿ  ਰੀਣੇ  ਕੰਨ  ॥

 ਸਾਖ  ਪਕੰਦੀ  ਆਈਆ  ਹੋਰ  ਕਰੇਂਦੀ  ਵੰਨ  ॥੧੧॥

 ਫਰੀਦਾ  ਕਾਲੀਂ  ਜਿਨੀ  ਨ  ਰਾਵਿਆ  ਧਉਲੀ  ਰਾਵੈ  ਕੋਇ  ॥

 ਕਰਿ  ਸਾਂਈ  ਸਿਉ  ਪਿਰਹੜੀ  ਰੰਗੁ  ਨਵੇਲਾ  ਹੋਇ  ॥੧੨॥

 ਮਃ  ੩  ॥

 ਫਰੀਦਾ  ਕਾਲੀ  ਧਉਲੀ  ਸਾਹਿਬੁ  ਸਦਾ  ਹੈ  ਜੇ  ਕੋ  ਚਿਤਿ  ਕਰੇ  ॥

 ਆਪਣਾ  ਲਾਇਆ  ਪਿਰਮੁ  ਨ  ਲਗਈ  ਜੇ  ਲੋਚੈ  ਸਭੁ  ਕੋਇ  ॥

 ਏਹੁ  ਪਿਰਮੁ  ਪਿਆਲਾ  ਖਸਮ  ਕਾ  ਜੈ  ਭਾਵੈ  ਤੈ  ਦੇਇ  ॥੧੩॥

 ਫਰੀਦਾ  ਜਿਨ੍ਹ  ਲੋਇਣ  ਜਗੁ  ਮੋਹਿਆ  ਸੇ  ਲੋਇਣ  ਮੈ  ਡਿਠੁ  ॥

 ਕਜਲ  ਰੇਖ  ਨ  ਸਹਦਿਆ  ਸੇ  ਪੰਖੀ  ਸੂਇ  ਬਹਿਠੁ  ॥੧੪॥

 ਫਰੀਦਾ  ਕੂਕੇਦਿਆ  ਚਾਂਗੇਦਿਆ  ਮਤੀ  ਦੇਦਿਆ  ਨਿਤ  ॥

 ਜੋ  ਸੈਤਾਨਿ  ਵੰਞਾਇਆ  ਸੇ  ਕਿਤ  ਫੇਰਹਿ  ਚਿਤ  ॥੧੫॥

 ਫਰੀਦਾ  ਥੀਉ  ਪਵਾਹੀ  ਦਭੁ  ॥

 ਜੇ  ਸਾਂਈ  ਲੋੜਹਿ  ਸਭੁ  ॥

 ਇਕੁ  ਛਿਜਹਿ  ਬਿਆ  ਲਤਾੜੀਅਹਿ  ॥

 ਤਾਂ  ਸਾਈ  ਦੈ  ਦਰਿ  ਵਾੜੀਅਹਿ  ॥੧੬॥

 ਫਰੀਦਾ  ਖਾਕੁ  ਨ  ਨਿੰਦੀਐ  ਖਾਕੂ  ਜੇਡੁ  ਨ  ਕੋਇ  ॥

 ਜੀਵਦਿਆ  ਪੈਰਾ  ਤਲੈ  ਮੁਇਆ  ਉਪਰਿ  ਹੋਇ  ॥੧੭॥

 ਫਰੀਦਾ  ਜਾ  ਲਬੁ  ਤਾ  ਨੇਹੁ  ਕਿਆ  ਲਬੁ  ਤ  ਕੂੜਾ  ਨੇਹੁ  ॥

 ਕਿਚਰੁ  ਝਤਿ  ਲਘਾਈਐ  ਛਪਰਿ  ਤੁਟੈ  ਮੇਹੁ  ॥੧੮॥

 ਫਰੀਦਾ  ਜੰਗਲੁ  ਜੰਗਲੁ  ਕਿਆ  ਭਵਹਿ  ਵਣਿ  ਕੰਡਾ  ਮੋੜੇਹਿ  ॥

 ਵਸੀ  ਰਬੁ  ਹਿਆਲੀਐ  ਜੰਗਲੁ  ਕਿਆ  ਢੂਢੇਹਿ  ॥੧੯॥

 ਫਰੀਦਾ  ਇਨੀ  ਨਿਕੀ  ਜੰਘੀਐ  ਥਲ  ਡੂੰਗਰ  ਭਵਿਓਮਿ੍ਹ  ॥

 ਅਜੁ  ਫਰੀਦੈ  ਕੂਜੜਾ  ਸੈ  ਕੋਹਾਂ  ਥੀਓਮਿ  ॥੨੦॥

 ਫਰੀਦਾ  ਰਾਤੀ  ਵਡੀਆਂ  ਧੁਖਿ  ਧੁਖਿ  ਉਠਨਿ  ਪਾਸ  ॥

 ਧਿਗੁ  ਤਿਨ੍ਹਾ  ਦਾ  ਜੀਵਿਆ  ਜਿਨਾ  ਵਿਡਾਣੀ  ਆਸ  ॥੨੧॥

 ਫਰੀਦਾ  ਜੇ  ਮੈ  ਹੋਦਾ  ਵਾਰਿਆ  ਮਿਤਾ  ਆਇੜਿਆਂ  ॥

 ਹੇੜਾ  ਜਲੈ  ਮਜੀਠ  ਜਿਉ  ਉਪਰਿ  ਅੰਗਾਰਾ  ॥੨੨॥

 ਫਰੀਦਾ  ਲੋੜੈ  ਦਾਖ  ਬਿਜਉਰੀਆਂ  ਕਿਕਰਿ  ਬੀਜੈ  ਜਟੁ  ॥

 ਹੰਢੈ  ਉਂਨ  ਕਤਾਇਦਾ  ਪੈਧਾ  ਲੋੜੈ  ਪਟੁ  ॥੨੩॥

 ਫਰੀਦਾ  ਗਲੀਏ  ਚਿਕੜੁ  ਦੂਰਿ  ਘਰੁ  ਨਾਲਿ  ਪਿਆਰੇ  ਨੇਹੁ  ॥

 ਚਲਾ  ਤ  ਭਿਜੈ  ਕੰਬਲੀ  ਰਹਾਂ  ਤ  ਤੁਟੈ  ਨੇਹੁ  ॥੨੪॥

 ਭਿਜਉ  ਸਿਜਉ  ਕੰਬਲੀ  ਅਲਹ  ਵਰਸਉ  ਮੇਹੁ  ॥

 ਜਾਇ  ਮਿਲਾ  ਤਿਨਾ  ਸਜਣਾ  ਤੁਟਉ  ਨਾਹੀ  ਨੇਹੁ  ॥੨੫॥

 ਫਰੀਦਾ  ਮੈ  ਭੋਲਾਵਾ  ਪਗ  ਦਾ  ਮਤੁ  ਮੈਲੀ  ਹੋਇ  ਜਾਇ  ॥

 ਗਹਿਲਾ  ਰੂਹੁ  ਨ  ਜਾਣਈ  ਸਿਰੁ  ਭੀ  ਮਿਟੀ  ਖਾਇ  ॥੨੬॥

 ਫਰੀਦਾ  ਸਕਰ  ਖੰਡੁ  ਨਿਵਾਤ  ਗੁੜੁ  ਮਾਖਿਓੁ  ਮਾਂਝਾ  ਦੁਧੁ  ॥

 ਸਭੇ  ਵਸਤੂ  ਮਿਠੀਆਂ  ਰਬ  ਨ  ਪੁਜਨਿ  ਤੁਧੁ  ॥੨੭॥

 ਫਰੀਦਾ  ਰੋਟੀ  ਮੇਰੀ  ਕਾਠ  ਕੀ  ਲਾਵਣੁ  ਮੇਰੀ  ਭੁਖ  ॥

 ਜਿਨਾ  ਖਾਧੀ  ਚੋਪੜੀ  ਘਣੇ  ਸਹਨਿਗੇ  ਦੁਖ  ॥੨੮॥

 ਰੁਖੀ  ਸੁਖੀ  ਖਾਇ  ਕੈ  ਠੰਢਾ  ਪਾਣੀ  ਪੀਉ  ॥

 ਫਰੀਦਾ  ਦੇਖਿ  ਪਰਾਈ  ਚੋਪੜੀ  ਨਾ  ਤਰਸਾਏ  ਜੀਉ  ॥੨੯॥

 ਅਜੁ  ਨ  ਸੁਤੀ  ਕੰਤ  ਸਿਉ  ਅੰਗੁ  ਮੁੜੇ  ਮੁੜਿ  ਜਾਇ  ॥

 ਜਾਇ  ਪੁਛਹੁ  ਡੋਹਾਗਣੀ  ਤੁਮ  ਕਿਉ  ਰੈਣਿ  ਵਿਹਾਇ  ॥੩੦॥

 ਸਾਹੁਰੈ  ਢੋਈ  ਨਾ  ਲਹੈ  ਪੇਈਐ  ਨਾਹੀ  ਥਾਉ  ॥

 ਪਿਰੁ  ਵਾਤੜੀ  ਨ  ਪੁਛਈ  ਧਨ  ਸੋਹਾਗਣਿ  ਨਾਉ  ॥੩੧॥

 ਸਾਹੁਰੈ  ਪੇਈਐ  ਕੰਤ  ਕੀ  ਕੰਤੁ  ਅਗੰਮੁ  ਅਥਾਹੁ  ॥

 ਨਾਨਕ  ਸੋ  ਸੋਹਾਗਣੀ  ਜੁ  ਭਾਵੈ  ਬੇਪਰਵਾਹ  ॥੩੨॥

 ਨਾਤੀ  ਧੋਤੀ  ਸੰਬਹੀ  ਸੁਤੀ  ਆਇ  ਨਚਿੰਦੁ  ॥

 ਫਰੀਦਾ  ਰਹੀ  ਸੁ  ਬੇੜੀ  ਹਿੰਙੁ  ਦੀ  ਗਈ  ਕਥੂਰੀ  ਗੰਧੁ  ॥੩੩॥

 ਜੋਬਨ  ਜਾਂਦੇ  ਨਾ  ਡਰਾਂ  ਜੇ  ਸਹ  ਪ੍ਰੀਤਿ  ਨ  ਜਾਇ  ॥

 ਫਰੀਦਾ  ਕਿਤੀਂ  ਜੋਬਨ  ਪ੍ਰੀਤਿ  ਬਿਨੁ  ਸੁਕਿ  ਗਏ  ਕੁਮਲਾਇ  ॥੩੪॥

 ਫਰੀਦਾ  ਚਿੰਤ  ਖਟੋਲਾ  ਵਾਣੁ  ਦੁਖੁ  ਬਿਰਹਿ  ਵਿਛਾਵਣ  ਲੇਫੁ  ॥

 ਏਹੁ  ਹਮਾਰਾ  ਜੀਵਣਾ  ਤੂ  ਸਾਹਿਬ  ਸਚੇ  ਵੇਖੁ  ॥੩੫॥

 ਬਿਰਹਾ  ਬਿਰਹਾ  ਆਖੀਐ  ਬਿਰਹਾ  ਤੂ  ਸੁਲਤਾਨੁ  ॥

 ਫਰੀਦਾ  ਜਿਤੁ  ਤਨਿ  ਬਿਰਹੁ  ਨ  ਊਪਜੈ  ਸੋ  ਤਨੁ  ਜਾਣੁ  ਮਸਾਨੁ  ॥੩੬॥

 ਫਰੀਦਾ  ਏ  ਵਿਸੁ  ਗੰਦਲਾ  ਧਰੀਆਂ  ਖੰਡੁ  ਲਿਵਾੜਿ  ॥

 ਇਕਿ  ਰਾਹੇਦੇ  ਰਹਿ  ਗਏ  ਇਕਿ  ਰਾਧੀ  ਗਏ  ਉਜਾੜਿ  ॥੩੭॥

 ਫਰੀਦਾ  ਚਾਰਿ  ਗਵਾਇਆ  ਹੰਢਿ  ਕੈ  ਚਾਰਿ  ਗਵਾਇਆ  ਸੰਮਿ  ॥

 ਲੇਖਾ  ਰਬੁ  ਮੰਗੇਸੀਆ  ਤੂ  ਆਂਹੋ  ਕੇਰ੍ਹੇ  ਕੰਮਿ  ॥੩੮॥

 ਫਰੀਦਾ  ਦਰਿ  ਦਰਵਾਜੈ  ਜਾਇ  ਕੈ  ਕਿਉ  ਡਿਠੋ  ਘੜੀਆਲੁ  ॥

 ਏਹੁ  ਨਿਦੋਸਾਂ  ਮਾਰੀਐ  ਹਮ  ਦੋਸਾਂ  ਦਾ  ਕਿਆ  ਹਾਲੁ  ॥੩੯॥

 ਘੜੀਏ  ਘੜੀਏ  ਮਾਰੀਐ  ਪਹਰੀ  ਲਹੈ  ਸਜਾਇ  ॥

 ਸੋ  ਹੇੜਾ  ਘੜੀਆਲ  ਜਿਉ  ਡੁਖੀ  ਰੈਣਿ  ਵਿਹਾਇ  ॥੪੦॥

 ਬੁਢਾ  ਹੋਆ  ਸੇਖ  ਫਰੀਦੁ  ਕੰਬਣਿ  ਲਗੀ  ਦੇਹ  ॥

 ਜੇ  ਸਉ  ਵਰਿ੍ਹਆ  ਜੀਵਣਾ  ਭੀ  ਤਨੁ  ਹੋਸੀ  ਖੇਹ  ॥੪੧॥

 ਫਰੀਦਾ  ਬਾਰਿ  ਪਰਾਇਐ  ਬੈਸਣਾ  ਸਾਂਈ  ਮੁਝੈ  ਨ  ਦੇਹਿ  ॥

 ਜੇ  ਤੂ  ਏਵੈ  ਰਖਸੀ  ਜੀਉ  ਸਰੀਰਹੁ  ਲੇਹਿ  ॥੪੨॥

 ਕੰਧਿ  ਕੁਹਾੜਾ  ਸਿਰਿ  ਘੜਾ  ਵਣਿ  ਕੈ  ਸਰੁ  ਲੋਹਾਰੁ  ॥

 ਫਰੀਦਾ  ਹਉ  ਲੋੜੀ  ਸਹੁ  ਆਪਣਾ  ਤੂ  ਲੋੜਹਿ  ਅੰਗਿਆਰ  ॥੪੩॥

 ਫਰੀਦਾ  ਇਕਨਾ  ਆਟਾ  ਅਗਲਾ  ਇਕਨਾ  ਨਾਹੀ  ਲੋਣੁ  ॥

 ਅਗੈ  ਗਏ  ਸਿੰਞਾਪਸਨਿ  ਚੋਟਾਂ  ਖਾਸੀ  ਕਉਣੁ  ॥੪੪॥

 ਪਾਸਿ  ਦਮਾਮੇ  ਛਤੁ  ਸਿਰਿ  ਭੇਰੀ  ਸਡੋ  ਰਡ  ॥

 ਜਾਇ  ਸੁਤੇ  ਜੀਰਾਣ  ਮਹਿ  ਥੀਏ  ਅਤੀਮਾ  ਗਡ  ॥੪੫॥

 ਫਰੀਦਾ  ਕੋਠੇ  ਮੰਡਪ  ਮਾੜੀਆ  ਉਸਾਰੇਦੇ  ਭੀ  ਗਏ  ॥

 ਕੂੜਾ  ਸਉਦਾ  ਕਰਿ  ਗਏ  ਗੋਰੀ  ਆਇ  ਪਏ  ॥੪੬॥

 ਫਰੀਦਾ  ਖਿੰਥੜਿ  ਮੇਖਾ  ਅਗਲੀਆ  ਜਿੰਦੁ  ਨ  ਕਾਈ  ਮੇਖ  ॥

 ਵਾਰੀ  ਆਪੋ  ਆਪਣੀ  ਚਲੇ  ਮਸਾਇਕ  ਸੇਖ  ॥੪੭॥

 ਫਰੀਦਾ  ਦੁਹੁ  ਦੀਵੀ  ਬਲੰਦਿਆ  ਮਲਕੁ  ਬਹਿਠਾ  ਆਇ  ॥

 ਗੜੁ  ਲੀਤਾ  ਘਟੁ  ਲੁਟਿਆ  ਦੀਵੜੇ  ਗਇਆ  ਬੁਝਾਇ  ॥੪੮॥

 ਫਰੀਦਾ  ਵੇਖੁ  ਕਪਾਹੈ  ਜਿ  ਥੀਆ  ਜਿ  ਸਿਰਿ  ਥੀਆ  ਤਿਲਾਹ  ॥

 ਕਮਾਦੈ  ਅਰੁ  ਕਾਗਦੈ  ਕੁੰਨੇ  ਕੋਇਲਿਆਹ  ॥

 ਮੰਦੇ  ਅਮਲ  ਕਰੇਦਿਆ  ਏਹ  ਸਜਾਇ  ਤਿਨਾਹ  ॥੪੯॥

 ਫਰੀਦਾ  ਕੰਨਿ  ਮੁਸਲਾ  ਸੂਫੁ  ਗਲਿ  ਦਿਲਿ  ਕਾਤੀ  ਗੁੜੁ  ਵਾਤਿ  ॥

 ਬਾਹਰਿ  ਦਿਸੈ  ਚਾਨਣਾ  ਦਿਲਿ  ਅੰਧਿਆਰੀ  ਰਾਤਿ  ॥੫੦॥

 ਫਰੀਦਾ  ਰਤੀ  ਰਤੁ  ਨ  ਨਿਕਲੈ  ਜੇ  ਤਨੁ  ਚੀਰੈ  ਕੋਇ  ॥

 ਜੋ  ਤਨ  ਰਤੇ  ਰਬ  ਸਿਉ  ਤਿਨ  ਤਨਿ  ਰਤੁ  ਨ  ਹੋਇ  ॥੫੧॥

 ਮਃ  ੩  ॥

 ਇਹੁ  ਤਨੁ  ਸਭੋ  ਰਤੁ  ਹੈ  ਰਤੁ  ਬਿਨੁ  ਤੰਨੁ  ਨ  ਹੋਇ  ॥

 ਜੋ  ਸਹ  ਰਤੇ  ਆਪਣੇ  ਤਿਤੁ  ਤਨਿ  ਲੋਭੁ  ਰਤੁ  ਨ  ਹੋਇ  ॥

 ਭੈ  ਪਇਐ  ਤਨੁ  ਖੀਣੁ  ਹੋਇ  ਲੋਭੁ  ਰਤੁ  ਵਿਚਹੁ  ਜਾਇ  ॥

 ਜਿਉ  ਬੈਸੰਤਰਿ  ਧਾਤੁ  ਸੁਧੁ  ਹੋਇ  ਤਿਉ  ਹਰਿ  ਕਾ  ਭਉ  ਦੁਰਮਤਿ  ਮੈਲੁ  ਗਵਾਇ  ॥

 ਨਾਨਕ  ਤੇ  ਜਨ  ਸੋਹਣੇ  ਜਿ  ਰਤੇ  ਹਰਿ  ਰੰਗੁ  ਲਾਇ  ॥੫੨॥

 ਫਰੀਦਾ  ਸੋਈ  ਸਰਵਰੁ  ਢੂਢਿ  ਲਹੁ  ਜਿਥਹੁ  ਲਭੀ  ਵਥੁ  ॥

 ਛਪੜਿ  ਢੂਢੈ  ਕਿਆ  ਹੋਵੈ  ਚਿਕੜਿ  ਡੁਬੈ  ਹਥੁ  ॥੫੩॥

 ਫਰੀਦਾ  ਨੰਢੀ  ਕੰਤੁ  ਨ  ਰਾਵਿਓ  ਵਡੀ  ਥੀ  ਮੁਈਆਸੁ  ॥

 ਧਨ  ਕੂਕੇਂਦੀ  ਗੋਰ  ਮੇਂ  ਤੈ  ਸਹ  ਨਾ  ਮਿਲੀਆਸੁ  ॥੫੪॥

 ਫਰੀਦਾ  ਸਿਰੁ  ਪਲਿਆ  ਦਾੜੀ  ਪਲੀ  ਮੁਛਾਂ  ਭੀ  ਪਲੀਆਂ  ॥

 ਰੇ  ਮਨ  ਗਹਿਲੇ  ਬਾਵਲੇ  ਮਾਣਹਿ  ਕਿਆ  ਰਲੀਆਂ  ॥੫੫॥

 ਫਰੀਦਾ  ਕੋਠੇ  ਧੁਕਣੁ  ਕੇਤੜਾ  ਪਿਰ  ਨੀਦੜੀ  ਨਿਵਾਰਿ  ॥

 ਜੋ  ਦਿਹ  ਲਧੇ  ਗਾਣਵੇ  ਗਏ  ਵਿਲਾੜਿ  ਵਿਲਾੜਿ  ॥੫੬॥

 ਫਰੀਦਾ  ਕੋਠੇ  ਮੰਡਪ  ਮਾੜੀਆ  ਏਤੁ  ਨ  ਲਾਏ  ਚਿਤੁ  ॥

 ਮਿਟੀ  ਪਈ  ਅਤੋਲਵੀ  ਕੋਇ  ਨ  ਹੋਸੀ  ਮਿਤੁ  ॥੫੭॥

 ਫਰੀਦਾ  ਮੰਡਪ  ਮਾਲੁ  ਨ  ਲਾਇ  ਮਰਗ  ਸਤਾਣੀ  ਚਿਤਿ  ਧਰਿ  ॥

 ਸਾਈ  ਜਾਇ  ਸਮ੍ਹਾਲਿ  ਜਿਥੈ  ਹੀ  ਤਉ  ਵੰਞਣਾ  ॥੫੮॥

 ਫਰੀਦਾ  ਜਿਨ੍ਹੀ  ਕੰਮੀ  ਨਾਹਿ  ਗੁਣ  ਤੇ  ਕੰਮੜੇ  ਵਿਸਾਰਿ  ॥

 ਮਤੁ  ਸਰਮਿੰਦਾ  ਥੀਵਹੀ  ਸਾਂਈ  ਦੈ  ਦਰਬਾਰਿ  ॥੫੯॥

 ਫਰੀਦਾ  ਸਾਹਿਬ  ਦੀ  ਕਰਿ  ਚਾਕਰੀ  ਦਿਲ  ਦੀ  ਲਾਹਿ  ਭਰਾਂਦਿ  ॥

 ਦਰਵੇਸਾਂ  ਨੋ  ਲੋੜੀਐ  ਰੁਖਾਂ  ਦੀ  ਜੀਰਾਂਦਿ  ॥੬੦॥

 ਫਰੀਦਾ  ਕਾਲੇ  ਮੈਡੇ  ਕਪੜੇ  ਕਾਲਾ  ਮੈਡਾ  ਵੇਸੁ  ॥

 ਗੁਨਹੀ  ਭਰਿਆ  ਮੈ  ਫਿਰਾ  ਲੋਕੁ  ਕਹੈ  ਦਰਵੇਸੁ  ॥੬੧॥

 ਤਤੀ  ਤੋਇ  ਨ  ਪਲਵੈ  ਜੇ  ਜਲਿ  ਟੁਬੀ  ਦੇਇ  ॥

 ਫਰੀਦਾ  ਜੋ  ਡੋਹਾਗਣਿ  ਰਬ  ਦੀ  ਝੂਰੇਦੀ  ਝੂਰੇਇ  ॥੬੨॥

 ਜਾਂ  ਕੁਆਰੀ  ਤਾ  ਚਾਉ  ਵੀਵਾਹੀ  ਤਾਂ  ਮਾਮਲੇ  ॥

 ਫਰੀਦਾ  ਏਹੋ  ਪਛੋਤਾਉ  ਵਤਿ  ਕੁਆਰੀ  ਨ  ਥੀਐ  ॥੬੩॥

 ਕਲਰ  ਕੇਰੀ  ਛਪੜੀ  ਆਇ  ਉਲਥੇ  ਹੰਝ  ॥

 ਚਿੰਜੂ  ਬੋੜਨਿ੍ਹ  ਨਾ  ਪੀਵਹਿ  ਉਡਣ  ਸੰਦੀ  ਡੰਝ  ॥੬੪॥

 ਹੰਸੁ  ਉਡਰਿ  ਕੋਧ੍ਰੈ  ਪਇਆ  ਲੋਕੁ  ਵਿਡਾਰਣਿ  ਜਾਇ  ॥

 ਗਹਿਲਾ  ਲੋਕੁ  ਨ  ਜਾਣਦਾ  ਹੰਸੁ  ਨ  ਕੋਧ੍ਰਾ  ਖਾਇ  ॥੬੫॥

 ਚਲਿ  ਚਲਿ  ਗਈਆਂ  ਪੰਖੀਆਂ  ਜਿਨ੍ਹੀ  ਵਸਾਏ  ਤਲ  ॥

 ਫਰੀਦਾ  ਸਰੁ  ਭਰਿਆ  ਭੀ  ਚਲਸੀ  ਥਕੇ  ਕਵਲ  ਇਕਲ  ॥੬੬॥

 ਫਰੀਦਾ  ਇਟ  ਸਿਰਾਣੇ  ਭੁਇ  ਸਵਣੁ  ਕੀੜਾ  ਲੜਿਓ  ਮਾਸਿ  ॥

 ਕੇਤੜਿਆ  ਜੁਗ  ਵਾਪਰੇ  ਇਕਤੁ  ਪਇਆ  ਪਾਸਿ  ॥੬੭॥

 ਫਰੀਦਾ  ਭੰਨੀ  ਘੜੀ  ਸਵੰਨਵੀ  ਟੁਟੀ  ਨਾਗਰ  ਲਜੁ  ॥

 ਅਜਰਾਈਲੁ  ਫਰੇਸਤਾ  ਕੈ  ਘਰਿ  ਨਾਠੀ  ਅਜੁ  ॥੬੮॥

 ਫਰੀਦਾ  ਭੰਨੀ  ਘੜੀ  ਸਵੰਨਵੀ  ਟੂਟੀ  ਨਾਗਰ  ਲਜੁ  ॥

 ਜੋ  ਸਜਣ  ਭੁਇ  ਭਾਰੁ  ਥੇ  ਸੇ  ਕਿਉ  ਆਵਹਿ  ਅਜੁ  ॥੬੯॥

 ਫਰੀਦਾ  ਬੇ  ਨਿਵਾਜਾ  ਕੁਤਿਆ  ਏਹ  ਨ  ਭਲੀ  ਰੀਤਿ  ॥

 ਕਬਹੀ  ਚਲਿ  ਨ  ਆਇਆ  ਪੰਜੇ  ਵਖਤ  ਮਸੀਤਿ  ॥੭੦॥

 ਉਠੁ  ਫਰੀਦਾ  ਉਜੂ  ਸਾਜਿ  ਸੁਬਹ  ਨਿਵਾਜ  ਗੁਜਾਰਿ  ॥

 ਜੋ  ਸਿਰੁ  ਸਾਂਈ  ਨਾ  ਨਿਵੈ  ਸੋ  ਸਿਰੁ  ਕਪਿ  ਉਤਾਰਿ  ॥੭੧॥

 ਜੋ  ਸਿਰੁ  ਸਾਈ  ਨਾ  ਨਿਵੈ  ਸੋ  ਸਿਰੁ  ਕੀਜੈ  ਕਾਂਇ  ॥

 ਕੁੰਨੇ  ਹੇਠਿ  ਜਲਾਈਐ  ਬਾਲਣ  ਸੰਦੈ  ਥਾਇ  ॥੭੨॥

 ਫਰੀਦਾ  ਕਿਥੈ  ਤੈਡੇ  ਮਾਪਿਆ  ਜਿਨ੍ਹੀ  ਤੂ  ਜਣਿਓਹਿ  ॥

 ਤੈ  ਪਾਸਹੁ  ਓਇ  ਲਦਿ  ਗਏ  ਤੂੰ  ਅਜੈ  ਨ  ਪਤੀਣੋਹਿ  ॥੭੩॥

 ਫਰੀਦਾ  ਮਨੁ  ਮੈਦਾਨੁ  ਕਰਿ  ਟੋਏ  ਟਿਬੇ  ਲਾਹਿ  ॥

 ਅਗੈ  ਮੂਲਿ  ਨ  ਆਵਸੀ  ਦੋਜਕ  ਸੰਦੀ  ਭਾਹਿ  ॥੭੪॥

 ਮਹਲਾ  ੫  ॥

 ਫਰੀਦਾ  ਖਾਲਕੁ  ਖਲਕ  ਮਹਿ  ਖਲਕ  ਵਸੈ  ਰਬ  ਮਾਹਿ  ॥

 ਮੰਦਾ  ਕਿਸ  ਨੋ  ਆਖੀਐ  ਜਾਂ  ਤਿਸੁ  ਬਿਨੁ  ਕੋਈ  ਨਾਹਿ  ॥੭੫॥

 ਫਰੀਦਾ  ਜਿ  ਦਿਹਿ  ਨਾਲਾ  ਕਪਿਆ  ਜੇ  ਗਲੁ  ਕਪਹਿ  ਚੁਖ  ॥

 ਪਵਨਿ  ਨ  ਇਤੀ  ਮਾਮਲੇ  ਸਹਾਂ  ਨ  ਇਤੀ  ਦੁਖ  ॥੭੬॥

 ਚਬਣ  ਚਲਣ  ਰਤੰਨ  ਸੇ  ਸੁਣੀਅਰ  ਬਹਿ  ਗਏ  ॥

 ਹੇੜੇ  ਮੁਤੀ  ਧਾਹ  ਸੇ  ਜਾਨੀ  ਚਲਿ  ਗਏ  ॥੭੭॥

 ਫਰੀਦਾ  ਬੁਰੇ  ਦਾ  ਭਲਾ  ਕਰਿ  ਗੁਸਾ  ਮਨਿ  ਨ  ਹਢਾਇ  ॥

 ਦੇਹੀ  ਰੋਗੁ  ਨ  ਲਗਈ  ਪਲੈ  ਸਭੁ  ਕਿਛੁ  ਪਾਇ  ॥੭੮॥

 ਫਰੀਦਾ  ਪੰਖ  ਪਰਾਹੁਣੀ  ਦੁਨੀ  ਸੁਹਾਵਾ  ਬਾਗੁ  ॥

 ਨਉਬਤਿ  ਵਜੀ  ਸੁਬਹ  ਸਿਉ  ਚਲਣ  ਕਾ  ਕਰਿ  ਸਾਜੁ  ॥੭੯॥

 ਫਰੀਦਾ  ਰਾਤਿ  ਕਥੂਰੀ  ਵੰਡੀਐ  ਸੁਤਿਆ  ਮਿਲੈ  ਨ  ਭਾਉ  ॥

 ਜਿੰਨ੍ਹਾ  ਨੈਣ  ਨੀਂਦ੍ਰਾਵਲੇ  ਤਿੰਨ੍ਹਾ  ਮਿਲਣੁ  ਕੁਆਉ  ॥੮੦॥

 ਫਰੀਦਾ  ਮੈ  ਜਾਨਿਆ  ਦੁਖੁ  ਮੁਝ  ਕੂ  ਦੁਖੁ  ਸਬਾਇਐ  ਜਗਿ  ॥

 ਊਚੇ  ਚੜਿ  ਕੈ  ਦੇਖਿਆ  ਤਾਂ  ਘਰਿ  ਘਰਿ  ਏਹਾ  ਅਗਿ  ॥੮੧॥

 ਮਹਲਾ  ੫  ॥

 ਫਰੀਦਾ  ਭੂਮਿ  ਰੰਗਾਵਲੀ  ਮੰਝਿ  ਵਿਸੂਲਾ  ਬਾਗ  ॥

 ਜੋ  ਜਨ  ਪੀਰਿ  ਨਿਵਾਜਿਆ  ਤਿੰਨ੍ਹਾ  ਅੰਚ  ਨ  ਲਾਗ  ॥੮੨॥

 ਮਹਲਾ  ੫  ॥

 ਫਰੀਦਾ  ਉਮਰ  ਸੁਹਾਵੜੀ  ਸੰਗਿ  ਸੁਵੰਨੜੀ  ਦੇਹ  ॥

 ਵਿਰਲੇ  ਕੇਈ  ਪਾਈਅਨਿ  ਜਿੰਨ੍ਹਾ  ਪਿਆਰੇ  ਨੇਹ  ॥੮੩॥

 ਕੰਧੀ  ਵਹਣ  ਨ  ਢਾਹਿ  ਤਉ  ਭੀ  ਲੇਖਾ  ਦੇਵਣਾ  ॥

 ਜਿਧਰਿ  ਰਬ  ਰਜਾਇ  ਵਹਣੁ  ਤਿਦਾਊ  ਗੰਉ  ਕਰੇ  ॥੮੪॥

 ਫਰੀਦਾ  ਡੁਖਾ  ਸੇਤੀ  ਦਿਹੁ  ਗਇਆ  ਸੂਲਾਂ  ਸੇਤੀ  ਰਾਤਿ  ॥

 ਖੜਾ  ਪੁਕਾਰੇ  ਪਾਤਣੀ  ਬੇੜਾ  ਕਪਰ  ਵਾਤਿ  ॥੮੫॥

 ਲੰਮੀ  ਲੰਮੀ  ਨਦੀ  ਵਹੈ  ਕੰਧੀ  ਕੇਰੈ  ਹੇਤਿ  ॥

 ਬੇੜੇ  ਨੋ  ਕਪਰੁ  ਕਿਆ  ਕਰੇ  ਜੇ  ਪਾਤਣ  ਰਹੈ  ਸੁਚੇਤਿ  ॥੮੬॥

 ਫਰੀਦਾ  ਗਲੀਂ  ਸੁ  ਸਜਣ  ਵੀਹ  ਇਕੁ  ਢੂੰਢੇਦੀ  ਨ  ਲਹਾਂ  ॥

 ਧੁਖਾਂ  ਜਿਉ  ਮਾਂਲੀਹ  ਕਾਰਣਿ  ਤਿੰਨ੍ਹਾ  ਮਾ  ਪਿਰੀ  ॥੮੭॥

 ਫਰੀਦਾ  ਇਹੁ  ਤਨੁ  ਭਉਕਣਾ  ਨਿਤ  ਨਿਤ  ਦੁਖੀਐ  ਕਉਣੁ  ॥

 ਕੰਨੀ  ਬੁਜੇ  ਦੇ  ਰਹਾਂ  ਕਿਤੀ  ਵਗੈ  ਪਉਣੁ  ॥੮੮॥

 ਫਰੀਦਾ  ਰਬ  ਖਜੂਰੀ  ਪਕੀਆਂ  ਮਾਖਿਅ  ਨਈ  ਵਹੰਨਿ੍ਹ  ॥

 ਜੋ  ਜੋ  ਵੰਞੈਂ  ਡੀਹੜਾ  ਸੋ  ਉਮਰ  ਹਥ  ਪਵੰਨਿ  ॥੮੯॥

 ਫਰੀਦਾ  ਤਨੁ  ਸੁਕਾ  ਪਿੰਜਰੁ  ਥੀਆ  ਤਲੀਆਂ  ਖੂੰਡਹਿ  ਕਾਗ  ॥

 ਅਜੈ  ਸੁ  ਰਬੁ  ਨ  ਬਾਹੁੜਿਓ  ਦੇਖੁ  ਬੰਦੇ  ਕੇ  ਭਾਗ  ॥੯੦॥

 ਕਾਗਾ  ਕਰੰਗ  ਢੰਢੋਲਿਆ  ਸਗਲਾ  ਖਾਇਆ  ਮਾਸੁ  ॥

 ਏ  ਦੁਇ  ਨੈਨਾ  ਮਤਿ  ਛੁਹਉ  ਪਿਰ  ਦੇਖਨ  ਕੀ  ਆਸ  ॥੯੧॥

 ਕਾਗਾ  ਚੂੰਡਿ  ਨ  ਪਿੰਜਰਾ  ਬਸੈ  ਤ  ਉਡਰਿ  ਜਾਹਿ  ॥

 ਜਿਤੁ  ਪਿੰਜਰੈ  ਮੇਰਾ  ਸਹੁ  ਵਸੈ  ਮਾਸੁ  ਨ  ਤਿਦੂ  ਖਾਹਿ  ॥੯੨॥

 ਫਰੀਦਾ  ਗੋਰ  ਨਿਮਾਣੀ  ਸਡੁ  ਕਰੇ  ਨਿਘਰਿਆ  ਘਰਿ  ਆਉ  ॥

 ਸਰਪਰ  ਮੈਥੈ  ਆਵਣਾ  ਮਰਣਹੁ  ਨ  ਡਰਿਆਹੁ  ॥੯੩॥

 ਏਨੀ  ਲੋਇਣੀ  ਦੇਖਦਿਆ  ਕੇਤੀ  ਚਲਿ  ਗਈ  ॥

 ਫਰੀਦਾ  ਲੋਕਾਂ  ਆਪੋ  ਆਪਣੀ  ਮੈ  ਆਪਣੀ  ਪਈ  ॥੯੪॥

 ਆਪੁ  ਸਵਾਰਹਿ  ਮੈ  ਮਿਲਹਿ  ਮੈ  ਮਿਲਿਆ  ਸੁਖੁ  ਹੋਇ  ॥

 ਫਰੀਦਾ  ਜੇ  ਤੂ  ਮੇਰਾ  ਹੋਇ  ਰਹਹਿ  ਸਭੁ  ਜਗੁ  ਤੇਰਾ  ਹੋਇ  ॥੯੫॥

 ਕੰਧੀ  ਉਤੈ  ਰੁਖੜਾ  ਕਿਚਰਕੁ  ਬੰਨੈ  ਧੀਰੁ  ॥

 ਫਰੀਦਾ  ਕਚੈ  ਭਾਂਡੈ  ਰਖੀਐ  ਕਿਚਰੁ  ਤਾਈ  ਨੀਰੁ  ॥੯੬॥

 ਫਰੀਦਾ  ਮਹਲ  ਨਿਸਖਣ  ਰਹਿ  ਗਏ  ਵਾਸਾ  ਆਇਆ  ਤਲਿ  ॥

 ਗੋਰਾਂ  ਸੇ  ਨਿਮਾਣੀਆ  ਬਹਸਨਿ  ਰੂਹਾਂ  ਮਲਿ  ॥

 ਆਖੀਂ  ਸੇਖਾ  ਬੰਦਗੀ  ਚਲਣੁ  ਅਜੁ  ਕਿ  ਕਲਿ  ॥੯੭॥

 ਫਰੀਦਾ  ਮਉਤੈ  ਦਾ  ਬੰਨਾ  ਏਵੈ  ਦਿਸੈ  ਜਿਉ  ਦਰੀਆਵੈ  ਢਾਹਾ  ॥

 ਅਗੈ  ਦੋਜਕੁ  ਤਪਿਆ  ਸੁਣੀਐ  ਹੂਲ  ਪਵੈ  ਕਾਹਾਹਾ  ॥

 ਇਕਨਾ  ਨੋ  ਸਭ  ਸੋਝੀ  ਆਈ  ਇਕਿ  ਫਿਰਦੇ  ਵੇਪਰਵਾਹਾ  ॥

 ਅਮਲ  ਜਿ  ਕੀਤਿਆ  ਦੁਨੀ  ਵਿਚਿ  ਸੇ  ਦਰਗਹ  ਓਗਾਹਾ  ॥੯੮॥

 ਫਰੀਦਾ  ਦਰੀਆਵੈ  ਕੰਨੈ੍  ਬਗੁਲਾ  ਬੈਠਾ  ਕੇਲ  ਕਰੇ  ॥

 ਕੇਲ  ਕਰੇਦੇ  ਹੰਝ  ਨੋ  ਅਚਿੰਤੇ  ਬਾਜ  ਪਏ  ॥

 ਬਾਜ  ਪਏ  ਤਿਸੁ  ਰਬ  ਦੇ  ਕੇਲਾਂ  ਵਿਸਰੀਆਂ  ॥

 ਜੋ  ਮਨਿ  ਚਿਤਿ  ਨ  ਚੇਤੇ  ਸਨਿ  ਸੋ  ਗਾਲੀ  ਰਬ  ਕੀਆਂ  ॥੯੯॥

 ਸਾਢੇ  ਤ੍ਰੈ  ਮਣ  ਦੇਹੁਰੀ  ਚਲੈ  ਪਾਣੀ  ਅੰਨਿ  ॥

 ਆਇਓ  ਬੰਦਾ  ਦੁਨੀ  ਵਿਚਿ  ਵਤਿ  ਆਸੂਣੀ  ਬੰਨਿ੍ਹ  ॥

 ਮਲਕਲ  ਮਉਤ  ਜਾਂ  ਆਵਸੀ  ਸਭ  ਦਰਵਾਜੇ  ਭੰਨਿ  ॥

 ਤਿਨ੍ਹਾ  ਪਿਆਰਿਆ  ਭਾਈਆਂ  ਅਗੈ  ਦਿਤਾ  ਬੰਨਿ੍ਹ  ॥

 ਵੇਖਹੁ  ਬੰਦਾ  ਚਲਿਆ  ਚਹੁ  ਜਣਿਆ  ਦੈ  ਕੰਨਿ੍ਹ  ॥

 ਫਰੀਦਾ  ਅਮਲ  ਜਿ  ਕੀਤੇ  ਦੁਨੀ  ਵਿਚਿ  ਦਰਗਹ  ਆਏ  ਕੰਮਿ  ॥੧੦੦॥

 ਫਰੀਦਾ  ਹਉ  ਬਲਿਹਾਰੀ  ਤਿਨ੍ਹ  ਪੰਖੀਆ  ਜੰਗਲਿ  ਜਿੰਨ੍ਹਾ  ਵਾਸੁ  ॥

 ਕਕਰੁ  ਚੁਗਨਿ  ਥਲਿ  ਵਸਨਿ  ਰਬ  ਨ  ਛੋਡਨਿ  ਪਾਸੁ  ॥੧੦੧॥

 ਫਰੀਦਾ  ਰੁਤਿ  ਫਿਰੀ  ਵਣੁ  ਕੰਬਿਆ  ਪਤ  ਝੜੇ  ਝੜਿ  ਪਾਹਿ  ॥

 ਚਾਰੇ  ਕੁੰਡਾ  ਢੂੰਢੀਆਂ  ਰਹਣੁ  ਕਿਥਾਊ  ਨਾਹਿ  ॥੧੦੨॥

 ਫਰੀਦਾ  ਪਾੜਿ  ਪਟੋਲਾ  ਧਜ  ਕਰੀ  ਕੰਬਲੜੀ  ਪਹਿਰੇਉ  ॥

 ਜਿਨ੍ਹੀ  ਵੇਸੀ  ਸਹੁ  ਮਿਲੈ  ਸੇਈ  ਵੇਸ  ਕਰੇਉ  ॥੧੦੩॥

 ਮਃ  ੩  ॥

 ਕਾਇ  ਪਟੋਲਾ  ਪਾੜਤੀ  ਕੰਬਲੜੀ  ਪਹਿਰੇਇ  ॥

 ਨਾਨਕ  ਘਰ  ਹੀ  ਬੈਠਿਆ  ਸਹੁ  ਮਿਲੈ  ਜੇ  ਨੀਅਤਿ  ਰਾਸਿ  ਕਰੇਇ  ॥੧੦੪॥

 ਮਃ  ੫  ॥

 ਫਰੀਦਾ  ਗਰਬੁ  ਜਿਨ੍ਹਾ  ਵਡਿਆਈਆ  ਧਨਿ  ਜੋਬਨਿ  ਆਗਾਹ  ॥

 ਖਾਲੀ  ਚਲੇ  ਧਣੀ  ਸਿਉ  ਟਿਬੇ  ਜਿਉ  ਮੀਹਾਹੁ  ॥੧੦੫॥

 ਫਰੀਦਾ  ਤਿਨਾ  ਮੁਖ  ਡਰਾਵਣੇ  ਜਿਨਾ  ਵਿਸਾਰਿਓਨੁ  ਨਾਉ  ॥

 ਐਥੈ  ਦੁਖ  ਘਣੇਰਿਆ  ਅਗੈ  ਠਉਰ  ਨ  ਠਾਉ  ॥੧੦੬॥

 ਫਰੀਦਾ  ਪਿਛਲ  ਰਾਤਿ  ਨ  ਜਾਗਿਓਹਿ  ਜੀਵਦੜੋ  ਮੁਇਓਹਿ  ॥

 ਜੇ  ਤੈ  ਰਬੁ  ਵਿਸਾਰਿਆ  ਤ  ਰਬਿ  ਨ  ਵਿਸਰਿਓਹਿ  ॥੧੦੭॥

 ਮਃ  ੫  ॥

 ਫਰੀਦਾ  ਕੰਤੁ  ਰੰਗਾਵਲਾ  ਵਡਾ  ਵੇਮੁਹਤਾਜੁ  ॥

 ਅਲਹ  ਸੇਤੀ  ਰਤਿਆ  ਏਹੁ  ਸਚਾਵਾਂ  ਸਾਜੁ  ॥੧੦੮॥

 ਮਃ  ੫  ॥

 ਫਰੀਦਾ  ਦੁਖੁ  ਸੁਖੁ  ਇਕੁ  ਕਰਿ  ਦਿਲ  ਤੇ  ਲਾਹਿ  ਵਿਕਾਰੁ  ॥

 ਅਲਹ  ਭਾਵੈ  ਸੋ  ਭਲਾ  ਤਾਂ  ਲਭੀ  ਦਰਬਾਰੁ  ॥੧੦੯॥

 ਮਃ  ੫  ॥

 ਫਰੀਦਾ  ਦੁਨੀ  ਵਜਾਈ  ਵਜਦੀ  ਤੂੰ  ਭੀ  ਵਜਹਿ  ਨਾਲਿ  ॥

 ਸੋਈ  ਜੀਉ  ਨ  ਵਜਦਾ  ਜਿਸੁ  ਅਲਹੁ  ਕਰਦਾ  ਸਾਰ  ॥੧੧੦॥

 ਮਃ  ੫  ॥

 ਫਰੀਦਾ  ਦਿਲੁ  ਰਤਾ  ਇਸੁ  ਦੁਨੀ  ਸਿਉ  ਦੁਨੀ  ਨ  ਕਿਤੈ  ਕੰਮਿ  ॥

 ਮਿਸਲ  ਫਕੀਰਾਂ  ਗਾਖੜੀ  ਸੁ  ਪਾਈਐ  ਪੂਰ  ਕਰੰਮਿ  ॥੧੧੧॥

 ਪਹਿਲੈ  ਪਹਰੈ  ਫੁਲੜਾ  ਫਲੁ  ਭੀ  ਪਛਾ  ਰਾਤਿ  ॥

 ਜੋ  ਜਾਗੰਨਿ੍ਹ  ਲਹੰਨਿ  ਸੇ  ਸਾਈ  ਕੰਨੋ  ਦਾਤਿ  ॥੧੧੨॥

 ਦਾਤੀ  ਸਾਹਿਬ  ਸੰਦੀਆ  ਕਿਆ  ਚਲੈ  ਤਿਸੁ  ਨਾਲਿ  ॥

 ਇਕਿ  ਜਾਗੰਦੇ  ਨਾ  ਲਹਨਿ੍ਹ  ਇਕਨ੍ਹਾ  ਸੁਤਿਆ  ਦੇਇ  ਉਠਾਲਿ  ॥੧੧੩॥

 ਢੂਢੇਦੀਏ  ਸੁਹਾਗ  ਕੂ  ਤਉ  ਤਨਿ  ਕਾਈ  ਕੋਰ  ॥

 ਜਿਨ੍ਹਾ  ਨਾਉ  ਸੁਹਾਗਣੀ  ਤਿਨ੍ਹਾ  ਝਾਕ  ਨ  ਹੋਰ  ॥੧੧੪॥

 ਸਬਰ  ਮੰਝ  ਕਮਾਣ  ਏ  ਸਬਰੁ  ਕਾ  ਨੀਹਣੋ  ॥

 ਸਬਰ  ਸੰਦਾ  ਬਾਣੁ  ਖਾਲਕੁ  ਖਤਾ  ਨ  ਕਰੀ  ॥੧੧੫॥

 ਸਬਰ  ਅੰਦਰਿ  ਸਾਬਰੀ  ਤਨੁ  ਏਵੈ  ਜਾਲੇਨਿ੍ਹ  ॥

 ਹੋਨਿ  ਨਜੀਕਿ  ਖੁਦਾਇ  ਦੈ  ਭੇਤੁ  ਨ  ਕਿਸੈ  ਦੇਨਿ  ॥੧੧੬॥

 ਸਬਰੁ  ਏਹੁ  ਸੁਆਉ  ਜੇ  ਤੂੰ  ਬੰਦਾ  ਦਿੜੁ  ਕਰਹਿ  ॥

 ਵਧਿ  ਥੀਵਹਿ  ਦਰੀਆਉ  ਟੁਟਿ  ਨ  ਥੀਵਹਿ  ਵਾਹੜਾ  ॥੧੧੭॥

 ਫਰੀਦਾ  ਦਰਵੇਸੀ  ਗਾਖੜੀ  ਚੋਪੜੀ  ਪਰੀਤਿ  ॥

 ਇਕਨਿ  ਕਿਨੈ  ਚਾਲੀਐ  ਦਰਵੇਸਾਵੀ  ਰੀਤਿ  ॥੧੧੮॥

 ਤਨੁ  ਤਪੈ  ਤਨੂਰ  ਜਿਉ  ਬਾਲਣੁ  ਹਡ  ਬਲੰਨਿ੍ਹ  ॥

 ਪੈਰੀ  ਥਕਾਂ  ਸਿਰਿ  ਜੁਲਾਂ  ਜੇ  ਮੂੰ  ਪਿਰੀ  ਮਿਲੰਨਿ੍ਹ  ॥੧੧੯॥

 ਤਨੁ  ਨ  ਤਪਾਇ  ਤਨੂਰ  ਜਿਉ  ਬਾਲਣੁ  ਹਡ  ਨ  ਬਾਲਿ  ॥

 ਸਿਰਿ  ਪੈਰੀ  ਕਿਆ  ਫੇੜਿਆ  ਅੰਦਰਿ  ਪਿਰੀ  ਨਿਹਾਲਿ  ॥੧੨੦॥

 ਹਉ  ਢੂਢੇਦੀ  ਸਜਣਾ  ਸਜਣੁ  ਮੈਡੇ  ਨਾਲਿ  ॥

 ਨਾਨਕ  ਅਲਖੁ  ਨ  ਲਖੀਐ  ਗੁਰਮੁਖਿ  ਦੇਇ  ਦਿਖਾਲਿ  ॥੧੨੧॥

 ਹੰਸਾ  ਦੇਖਿ  ਤਰੰਦਿਆ  ਬਗਾ  ਆਇਆ  ਚਾਉ  ॥

 ਡੁਬਿ  ਮੁਏ  ਬਗ  ਬਪੁੜੇ  ਸਿਰੁ  ਤਲਿ  ਉਪਰਿ  ਪਾਉ  ॥੧੨੨॥

 ਮੈ  ਜਾਣਿਆ  ਵਡ  ਹੰਸੁ  ਹੈ  ਤਾਂ  ਮੈ  ਕੀਤਾ  ਸੰਗੁ  ॥

 ਜੇ  ਜਾਣਾ  ਬਗੁ  ਬਪੁੜਾ  ਜਨਮਿ  ਨ  ਭੇੜੀ  ਅੰਗੁ  ॥੧੨੩॥

 ਕਿਆ  ਹੰਸੁ  ਕਿਆ  ਬਗੁਲਾ  ਜਾ  ਕਉ  ਨਦਰਿ  ਧਰੇ  ॥

 ਜੇ  ਤਿਸੁ  ਭਾਵੈ  ਨਾਨਕਾ  ਕਾਗਹੁ  ਹੰਸੁ  ਕਰੇ  ॥੧੨੪॥

 ਸਰਵਰ  ਪੰਖੀ  ਹੇਕੜੋ  ਫਾਹੀਵਾਲ  ਪਚਾਸ  ॥

 ਇਹੁ  ਤਨੁ  ਲਹਰੀ  ਗਡੁ  ਥਿਆ  ਸਚੇ  ਤੇਰੀ  ਆਸ  ॥੧੨੫॥

 ਕਵਣੁ  ਸੁ  ਅਖਰੁ  ਕਵਣੁ  ਗੁਣੁ  ਕਵਣੁ  ਸੁ  ਮਣੀਆ  ਮੰਤੁ  ॥

 ਕਵਣੁ  ਸੁ  ਵੇਸੋ  ਹਉ  ਕਰੀ  ਜਿਤੁ  ਵਸਿ  ਆਵੈ  ਕੰਤੁ  ॥੧੨੬॥

 ਨਿਵਣੁ  ਸੁ  ਅਖਰੁ  ਖਵਣੁ  ਗੁਣੁ  ਜਿਹਬਾ  ਮਣੀਆ  ਮੰਤੁ  ॥

 ਏ  ਤ੍ਰੈ  ਭੈਣੇ  ਵੇਸ  ਕਰਿ  ਤਾਂ  ਵਸਿ  ਆਵੀ  ਕੰਤੁ  ॥੧੨੭॥

 ਮਤਿ  ਹੋਦੀ  ਹੋਇ  ਇਆਣਾ  ॥

 ਤਾਣ  ਹੋਦੇ  ਹੋਇ  ਨਿਤਾਣਾ  ॥

 ਅਣਹੋਦੇ  ਆਪੁ  ਵੰਡਾਏ  ॥

 ਕੋ  ਐਸਾ  ਭਗਤੁ  ਸਦਾਏ  ॥੧੨੮॥

 ਇਕੁ  ਫਿਕਾ  ਨ  ਗਾਲਾਇ  ਸਭਨਾ  ਮੈ  ਸਚਾ  ਧਣੀ  ॥

 ਹਿਆਉ  ਨ  ਕੈਹੀ  ਠਾਹਿ  ਮਾਣਕ  ਸਭ  ਅਮੋਲਵੇ  ॥੧੨੯॥

Post a Comment

0 Comments
* Please Don't Spam Here. All the Comments are Reviewed by Admin.